Disclaimer: The material in this print-out relates to the law as it applies in the state of Victoria. It is intended as a general guide only. Readers should not act on the basis of any material in this print-out without getting legal advice about their own particular situations. Victoria Legal Aid disclaims any liability howsoever caused to any person in respect of any action taken in reliance on the contents of the publication.

We help Victorians with their legal problems and represent those who need it most. Find legal answers, chat with us online, or call us. You can speak to us in English or ask for an interpreter. You can also find more legal information at www.legalaid.vic.gov.au

ਜਨਤਕ ਤੌਰ 'ਤੇ ਨਸ਼ਾਖੋਰੀ ਕਰਨਾ ਅਤੇ ਪੁਲਿਸ (Public intoxication and police) – ਪੰਜਾਬੀ (Punjabi)

ਨਵੰਬਰ 2023 ਵਿੱਚ, ਵਿਕਟੋਰੀਆ ਵਿੱਚ ਜਨਤਕ ਤੌਰ 'ਤੇ ਨਸ਼ਾਖੋਰੀ ਕਰਨ ਬਾਰੇ ਕਾਨੂੰਨ ਬਦਲ ਦਿੱਤੇ ਗਏ ਸਨ । ਹੁਣ ਜਨਤਕ ਤੌਰ 'ਤੇ ਸ਼ਰਾਬ ਨਾਲ ਪ੍ਰਭਾਵਿਤ ਹੋਣਾ ਕਾਨੂੰਨ ਦੇ ਵਿਰੁੱਧ ਨਹੀਂ ਹੈ।

ਜਨਤਕ ਤੌਰ 'ਤੇ ਨਸ਼ਾਖੋਰੀ ਕਰਨ ਦਾ ਮਤਲਬ ਹੈ ਜਨਤਕ ਤੌਰ 'ਤੇ ਸ਼ਰਾਬ ਤੋਂ ਪ੍ਰਭਾਵਿਤ (ਸ਼ਰਾਬੀ) ਹੋਣਾ।

ਜਨਤਕ ਤੌਰ 'ਤੇ ਨਸ਼ਾਖੋਰੀ ਕਰਨ ਬਾਰੇ ਕਾਨੂੰਨ

ਨਵੰਬਰ 2023 ਵਿੱਚ, ਵਿਕਟੋਰੀਆ ਵਿੱਚ ਜਨਤਕ ਤੌਰ 'ਤੇ ਨਸ਼ਾਖੋਰੀ ਕਰਨ ਬਾਰੇ ਕਾਨੂੰਨ ਬਦਲ ਦਿੱਤੇ ਗਏ ਸਨ । ਹੁਣ ਜਨਤਕ ਤੌਰ 'ਤੇ ਸ਼ਰਾਬ ਨਾਲ ਪ੍ਰਭਾਵਿਤ ਹੋਣਾ ਕਾਨੂੰਨ ਦੇ ਵਿਰੁੱਧ ਨਹੀਂ ਹੈ।

ਜੇਕਰ ਤੁਸੀਂ ਜਨਤਕ ਤੌਰ 'ਤੇ ਸ਼ਰਾਬ ਤੋਂ ਪ੍ਰਭਾਵਿਤ ਹੋ ਤਾਂ ਪੁਲਿਸ ਅਤੇ ਸਪੋਰਟ ਵਰਕਰ (ਸਹਾਇਤਾ ਕਰਮਚਾਰੀ) ਤੁਹਾਡੀ ਸਹਾਇਤਾ ਕਰ

ਸਕਦੇ ਹਨ। ਉਹ ਤੁਹਾਨੂੰ ਸਹਾਇਤਾ ਸਿਰਫ਼ ਤਾਂ ਹੀ ਦੇ ਸਕਦੇ ਹਨ ਜੇਕਰ ਤੁਸੀਂ ਅਜਿਹਾ ਕਰਨ ਨਾਲ ਸਹਿਮਤ ਹੋ। ਤੁਹਾਨੂੰ ਉਹਨਾਂ ਦੀ ਸਹਾਇਤਾ ਲੈਣ ਲਈ ਸਹਿਮਤ ਹੋਣ ਦੀ ਬੰਦਿਸ਼ ਨਹੀਂ ਹੈ। ਜੇਕਰ ਤੁਸੀਂ ਉਨ੍ਹਾਂ ਦੀ ਸਹਾਇਤਾ ਲੈਣ ਲਈ ਸਹਿਮਤ ਹੋ ਜਾਂਦੇ ਹੋ, ਤਾਂ ਵੀ ਤੁਸੀਂ ਬਾਅਦ ਵਿੱਚ ਆਪਣਾ ਮਨ ਬਦਲ ਸਕਦੇ ਹੋ।

ਸਪੋਰਟ ਵਰਕਰ ਕੀ ਕਰ ਸਕਦੇ ਹਨ

ਜੇਕਰ ਤੁਸੀਂ ਉਹਨਾਂ ਦੀ ਸਹਾਇਤਾ ਲੈਣ ਲਈ ਸਹਿਮਤ ਹੋ, ਤਾਂ ਸਪੋਰਟ ਵਰਕਰ ਇਹ ਕਰ ਸਕਦੇ ਹਨ:

  • ਤੁਹਾਨੂੰ ਉਹ ਚੀਜ਼ਾਂ ਦੇ ਸਕਦੇ ਹਨ ਜਿਨ੍ਹਾਂ ਦੀ ਤੁਹਾਨੂੰ ਲੋੜ ਹੈ (ਜਿਵੇਂ ਕਿ ਭੋਜਨ ਜਾਂ ਪਾਣੀ)
  • ਤੁਹਾਡੇ ਠਹਿਰਨ ਲਈ ਕੋਈ ਸੁਰੱਖਿਅਤ ਜਗ੍ਹਾ ਲੱਭ ਸਕਦੇ ਹਨ (ਉਦਾਹਰਨ ਲਈ, ਤੁਹਾਡੇ ਪਰਿਵਾਰ, ਦੋਸਤਾਂ ਜਾਂ ਦੇਖਭਾਲ ਕਰਨ ਵਾਲਿਆਂ ਨਾਲ)
  • ਤੁਹਾਨੂੰ ਕਿਸੇ ਸੋਫ਼ੀ ਹੋਣ ਵਾਲੇ ਕੇਂਦਰ (ਸੋਬਰਿੰਗ ਸੈਂਟਰ) ਵਿੱਚ ਲੈ ਜਾ ਸਕਦੇ ਹਨ, ਜੇਕਰ ਕੋਈ ਨੇੜੇ ਹੈ ਅਤੇ ਤੁਹਾਡੇ ਕੋਲ ਠਹਿਰਨ ਲਈ ਕੋਈ ਹੋਰ ਸੁਰੱਖਿਅਤ ਜਗ੍ਹਾ ਨਹੀਂ ਹੈ।

ਜੇਕਰ ਤੁਸੀਂ ਕਿਸੇ ਸੋਫ਼ੀ ਹੋਣ ਵਾਲੇ ਕੇਂਦਰ ਵਿੱਚ ਜਾਂਦੇ ਹੋ, ਤਾਂ ਤੁਸੀਂ ਸੌਂਅ, ਨਹਾ, ਖਾ-ਪੀ ਅਤੇ ਕੱਪੜੇ ਧੋ ਸਕਦੇ ਹੋ। ਜਦੋਂ ਤੱਕ ਤੁਸੀਂ ਸੋਫ਼ੀ ਹੋਣ ਵਾਲੇ ਕੇਂਦਰ ਵਿੱਚ ਹੁੰਦੇ ਹੋ ਤਾਂ ਕਰਮਚਾਰੀ ਜਾਂਚ ਕਰਦੇ ਰਹਿਣਗੇ ਕਿ ਤੁਸੀਂ ਠੀਕ ਹੋ। ਉਹ ਤੁਹਾਡੇ ਨਾਲ ਹੋਰ ਸੇਵਾਵਾਂ ਬਾਰੇ ਵੀ ਗੱਲ ਕਰ ਸਕਦੇ ਹਨ ਜੋ ਤੁਹਾਡੀ ਸਹਾਇਤਾ ਕਰ ਸਕਦੀਆਂ ਹਨ, ਜਿਵੇਂ ਕਿ ਅਲਕੋਹਲ ਅਤੇ ਡਰੱਗ ਛਡਾਊ ਸੇਵਾਵਾਂ। ਤੁਸੀਂ ਕਿਸੇ ਵੀ ਸਮੇਂ ਸੋਫ਼ੀ ਹੋਣ ਵਾਲੇ ਕੇਂਦਰ ਨੂੰ ਛੱਡ ਕੇ ਜਾ ਸਕਦੇ ਹੋ।

ਜੇਕਰ ਸਪੋਰਟ ਵਰਕਰ ਸੋਚਦੇ ਹਨ ਕਿ ਤੁਹਾਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ ਤਾਂ ਉਹ ਐਂਬੂਲੈਂਸ ਨੂੰ ਫ਼ੋਨ ਕਰ ਸਕਦੇ ਹਨ।

ਜੇਕਰ ਸਪੋਰਟ ਵਰਕਰ ਸੋਚਦੇ ਹਨ ਕਿ ਤੁਹਾਨੂੰ ਜਾਂ ਹੋਰਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ, ਤਾਂ ਉਹ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਲਈ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹਨ। ਜੇਕਰ ਇਹ ਕੰਮ ਨਹੀਂ ਕਰਦਾ, ਤਾਂ ਉਹ ਪੁਲਿਸ ਨੂੰ ਫ਼ੋਨ ਕਰ ਸਕਦੇ ਹਨ।

ਜੇਕਰ ਤੁਹਾਡੀ ਉਮਰ 18 ਸਾਲ ਤੋਂ ਘੱਟ ਹੈ, ਤਾਂ ਸਪੋਰਟ ਵਰਕਰ ਤੁਹਾਡੇ ਮਾਤਾ-ਪਿਤਾ, ਸਰਪ੍ਰਸਤ ਜਾਂ ਦੇਖਭਾਲ ਕਰਨ ਵਾਲੇ ਨਾਲ ਸੰਪਰਕ ਕਰ ਸਕਦੇ ਹਨ। ਉਹ ਤੁਹਾਨੂੰ ਘਰ ਜਾਂ ਕਿਸੇ ਹੋਰ ਸੁਰੱਖਿਅਤ ਥਾਂ 'ਤੇ ਵੀ ਲੈ ਜਾ ਸਕਦੇ ਹਨ।

ਜੇਕਰ ਤੁਸੀਂ ਕਿਸੇ ਸਪੋਰਟ ਵਰਕਰ ਨਾਲ ਜਾਂ ਕਿਸੇ ਸੋਫ਼ੀ ਹੋਣ ਵਾਲੇ ਕੇਂਦਰ ਵਿੱਚ ਵਾਪਰੀ ਕਿਸੇ ਘਟਨਾ ਤੋਂ ਨਾਖੁਸ਼ ਹੋ ਤਾਂ ਤੁਸੀਂ ਸ਼ਿਕਾਇਤ ਕਰ ਸਕਦੇ ਹੋ। ਸਿਹਤ ਵਿਭਾਗ ਦੇ ਫੀਡਬੈਕ ਅਤੇ ਸ਼ਿਕਾਇਤਾਂ ਪੰਨੇ (Department of Health Feedback and complaints) 'ਤੇ ਜਾਓ।

ਪੁਲਿਸ ਕੀ ਕਰ ਸਕਦੀ ਹੈ

ਜੇ ਤੁਸੀਂ ਜਨਤਕ ਤੌਰ 'ਤੇ ਸ਼ਰਾਬ ਤੋਂ ਪ੍ਰਭਾਵਿਤ ਹੋ, ਤਾਂ ਪੁਲਿਸ ਤੁਹਾਡੇ ਨਾਲ ਗੱਲ ਕਰ ਸਕਦੀ ਹੈ ਅਤੇ ਸਹਾਇਤਾ ਕਰਨ ਦੀ ਪੇਸ਼ਕਸ਼ ਕਰ ਸਕਦੀ ਹੈ। ਜੇਕਰ ਤੁਸੀਂ ਉਹਨਾਂ ਦੀ ਸਹਾਇਤਾ ਲੈਣ ਲਈ ਸਹਿਮਤ ਹੁੰਦੇ ਹੋ, ਤਾਂ ਪੁਲਿਸ ਇਹ ਕਰ ਸਕਦੀ ਹੈ:

  • ਤੁਹਾਡੇ ਕਿਸੇ ਭਰੋਸੇਮੰਦ ਵਿਅਕਤੀ ਨੂੰ ਤੁਹਾਨੂੰ ਲੈ ਕੇ ਜਾਣ ਜਾਂ ਸੁਰੱਖਿਅਤ ਥਾਂ 'ਤੇ ਪਹੁੰਚਣ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਕਹਿ ਸਕਦੀ ਹੈ
  • ਸਪੋਰਟ ਵਰਕਰਾਂ ਨਾਲ ਸੰਪਰਕ ਕਰ ਸਕਦੀ ਹੈ ਅਤੇ ਉਹਨਾਂ ਨੂੰ ਤੁਹਾਡੀ ਸਹਾਇਤਾ ਕਰਨ ਲਈ ਕਹਿ ਸਕਦੀ ਹੈ
  • ਤੁਹਾਨੂੰ ਕਿਸੇ ਸੁਰੱਖਿਅਤ ਥਾਂ 'ਤੇ ਲਿਜਾ ਸਕਦੀ ਹੈ ਜਿੱਥੇ ਤੁਸੀਂ ਠਹਿਰ ਸਕਦੇ ਹੋ (ਉਦਾਹਰਨ ਲਈ, ਤੁਹਾਡੇ ਪਰਿਵਾਰ, ਦੋਸਤਾਂ ਜਾਂ ਦੇਖਭਾਲ ਕਰਨ ਵਾਲਿਆਂ ਨਾਲ) ।

ਜੇਕਰ ਤੁਸੀਂ ਸਹਿਮਤ ਹੁੰਦੇ ਹੋ ਤਾਂ ਹੀ ਪੁਲਿਸ ਤੁਹਾਨੂੰ ਕਿਤੇ ਕਾਰ ਵਿੱਚ ਲਿਜਾ ਸਕਦੀ ਹੈ ਅਤੇ ਉਹ ਤੁਹਾਨੂੰ ਸਪਸ਼ਟ ਤੌਰ 'ਤੇ ਦੱਸਦੇ ਹਨ ਕਿ ਤੁਸੀਂ ਗ੍ਰਿਫਤਾਰ ਨਹੀਂ ਹੋ। ਜੇਕਰ ਤੁਸੀਂ ਆਪਣਾ ਮਨ ਬਦਲ ਲੈਂਦੇ ਹੋ, ਤਾਂ ਉਹਨਾਂ ਨੂੰ ਲਾਜ਼ਮੀ ਕਾਰ ਨੂੰ ਰੋਕਣਾ ਚਾਹੀਦਾ ਹੈ ਅਤੇ ਜਿਵੇਂ ਹੀ ਇਹ ਸੁਰੱਖਿਅਤ ਹੁੰਦਾ ਹੈ ਤੁਹਾਨੂੰ ਕਾਰ ਤੋਂ ਬਾਹਰ ਆਉਣ ਦੇਣਾ ਚਾਹੀਦਾ ਹੈ।

ਜੇਕਰ ਤੁਸੀਂ ਜਨਤਕ ਤੌਰ 'ਤੇ ਸ਼ਰਾਬ ਤੋਂ ਪ੍ਰਭਾਵਿਤ ਹੁੰਦੇ ਹੋ ਤਾਂ ਪੁਲਿਸ ਆਮ ਤੌਰ 'ਤੇ ਤੁਹਾਨੂੰ ਕਿਤੇ ਵੀ ਕਾਰ ਰਾਹੀਂ ਨਹੀਂ ਲੈ ਕੇ ਜਾਵੇਗੀ। ਪਰ ਉਹ ਤੁਹਾਨੂੰ ਗੱਡੀ ਵਿੱਚ ਬਿਠਾ ਸਕਦੇ ਹਨ ਜੇਕਰ ਉਹ ਸੋਚਦੇ ਹਨ ਕਿ ਇਹ ਤੁਹਾਡੀ ਸੁਰੱਖਿਆ ਲਈ ਜ਼ਰੂਰੀ ਹੈ ਅਤੇ ਤੁਹਾਨੂੰ ਲੈ ਕੇ ਜਾਣ ਲਈ ਕੋਈ ਸਪੋਰਟ ਵਰਕਰ ਉਪਲਬਧ ਨਹੀਂ ਹੈ।

ਜੇਕਰ ਤੁਸੀਂ ਸਹਾਇਤਾ ਨਹੀਂ ਚਾਹੁੰਦੇ ਹੋ, ਜਾਂ ਹੁਣ ਸਹਾਇਤਾ ਦੀ ਲੋੜ ਨਹੀਂ ਹੈ, ਜਾਂ ਕੋਈ ਹੋਰ ਸਹਾਇਤਾ ਆ ਰਹੀ ਹੈ ਤਾਂ ਪੁਲਿਸ ਤੁਹਾਨੂੰ ਛੱਡ ਕੇ ਜਾ ਸਕਦੀ ਹੈ। ਪੁਲਿਸ ਨੂੰ ਸਪੱਸ਼ਟ ਤੌਰ 'ਤੇ ਤੁਹਾਨੂੰ ਦੱਸਣਾ ਚਾਹੀਦਾ ਹੈ ਕਿ ਉਹ ਜਾਣ ਦਾ ਫ਼ੈਸਲਾ ਕਰ ਰਹੇ ਹਨ।

ਪੁਲਿਸ ਐਂਬੂਲੈਂਸ ਨੂੰ ਬੁਲਾ ਸਕਦੀ ਹੈ, ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਤੁਹਾਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ।

ਨਾਮ ਅਤੇ ਪਤਾ

ਸਿਰਫ਼ ਇਸ ਲਈ ਕਿ ਤੁਸੀਂ ਜਨਤਕ ਤੌਰ 'ਤੇ ਸ਼ਰਾਬ ਤੋਂ ਪ੍ਰਭਾਵਿਤ ਹੋ, ਤੁਹਾਨੂੰ ਪੁਲਿਸ ਨੂੰ ਆਪਣਾ ਨਾਮ ਅਤੇ ਪਤਾ ਦੱਸਣ ਦੀ ਬੰਦਿਸ਼ ਨਹੀਂ ਹੈ।

ਹਾਲਾਂਕਿ, ਪੁਲਿਸ ਤੁਹਾਡਾ ਨਾਮ ਅਤੇ ਪਤਾ ਪੁੱਛ ਸਕਦੀ ਹੈ ਜੇਕਰ:

• ਉਹ ਸੋਚਦੇ ਹਨ ਕਿ ਤੁਸੀਂ ਕੋਈ ਜੁਰਮ ਹੁੰਦਾ ਦੇਖਿਆ ਹੈ
• ਉਹ ਸੋਚਦੇ ਹਨ ਕਿ ਤੁਸੀਂ ਕਾਨੂੰਨ ਤੋੜਿਆ ਹੈ ਜਾਂ ਕਾਨੂੰਨ ਤੋੜਨ ਵਾਲੇ ਹੋ
• ਤੁਸੀਂ ਕਾਰ ਜਾਂ ਮੋਟਰਸਾਈਕਲ ਚਲਾ ਰਹੇ ਹੋ
• ਤੁਸੀਂ ਜਨਤਕ ਆਵਾਜਾਈ ਵਿੱਚ ਸਫ਼ਰ ਕਰ ਰਹੇ ਹੋ ਜਾਂ ਨੇੜੇ ਹੋ
• ਤੁਸੀਂ ਕਿਸੇ ਪੱਬ ਜਾਂ ਹੋਰ ਥਾਂ ਦੇ ਨੇੜੇ ਹੋ ਜਿੱਥੇ ਸ਼ਰਾਬ ਵਿਕਦੀ ਹੈ
• ਤੁਸੀਂ ਪੁਲਿਸ ਸਟੇਸ਼ਨ ਦੇ ਨੇੜੇ ਹੋ ਅਤੇ ਪੁਲਿਸ ਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਉੱਥੇ ਹੋਣ ਦਾ ਕੋਈ ਜਾਇਜ਼ ਕਾਰਨ ਨਹੀਂ ਹੈ।

ਇਹਨਾਂ ਸਥਿਤੀਆਂ ਵਿੱਚ, ਤੁਹਾਨੂੰ ਪੁਲਿਸ ਨੂੰ ਆਪਣਾ ਨਾਮ ਅਤੇ ਪਤਾ ਦੱਸਣਾ ਲਾਜ਼ਮੀ ਹੈ। ਤੁਹਾਨੂੰ ਲਾਜ਼ਮੀ ਤੌਰ 'ਤੇ ਆਪਣੇ ਨਾਮ ਅਤੇ ਪਤੇ ਬਾਰੇ ਝੂਠ ਨਹੀਂ ਬੋਲਣਾ ਚਾਹੀਦਾ ਹੈ।

ਗ੍ਰਿਫ਼ਤਾਰੀ

ਗ੍ਰਿਫ਼ਤਾਰੀ ਦਾ ਮਤਲਬ ਹੈ ਕਿ ਤੁਹਾਨੂੰ ਪੁਲਿਸ ਦੇ ਨਾਲ ਜਾਣਾ ਹੀ ਪਵੇਗਾ, ਆਮ ਤੌਰ 'ਤੇ ਪੁਲਿਸ ਸਟੇਸ਼ਨ ਜਾਣਾ ਪੈਂਦਾ ਹੈ। ਪੁਲਿਸ ਤੁਹਾਨੂੰ ਸਿਰਫ਼ ਜਨਤਕ ਤੌਰ 'ਤੇ ਸ਼ਰਾਬ ਤੋਂ ਪ੍ਰਭਾਵਿਤ ਹੋਣ ਕਰਕੇ ਗ੍ਰਿਫ਼ਤਾਰ ਨਹੀਂ ਕਰ ਸਕਦੀ ਹੈ।

ਪੁਲਿਸ ਤੁਹਾਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਤੁਸੀਂ ਕੋਈ ਕਾਨੂੰਨ ਤੋੜਿਆ ਹੈ। ਜੇਕਰ ਤੁਹਾਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ, ਤਾਂ ਜਿੰਨੀ ਜਲਦੀ ਹੋ ਸਕੇ ਆਪਣੇ ਵਕੀਲ ਤੋਂ ਸਲਾਹ ਲਓ।

ਪੁਲਿਸ ਨਾਲ ਤੁਹਾਡੇ ਅਧਿਕਾਰ

ਜੇਕਰ ਤੁਸੀਂ ਜਨਤਕ ਤੌਰ 'ਤੇ ਸ਼ਰਾਬ ਤੋਂ ਪ੍ਰਭਾਵਿਤ ਹੋ ਤਾਂ ਤੁਹਾਨੂੰ ਪੁਲਿਸ ਦੀ ਸਹਾਇਤਾ ਲੈਣ ਤੋਂ ਨਾਂਹ ਕਹਿਣ ਦਾ ਅਧਿਕਾਰ ਹੈ।

ਤੁਹਾਨੂੰ ਚੁੱਪ ਰਹਿਣ ਦਾ ਅਧਿਕਾਰ ਹੈ। ਤੁਹਾਨੂੰ ਪੁਲਿਸ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਨਹੀਂ ਹੈ, ਸਿਵਾਏ:

  • ਆਪਣੇ ਨਾਮ ਅਤੇ ਪਤੇ ਤੋਂ (ਵਧੇਰੇ ਜਾਣਕਾਰੀ ਲਈ, ਨਾਮ ਅਤੇ ਪਤੇ (Name and address) 'ਤੇ ਜਾਓ)
  • ਤੁਸੀਂ ਪੁਲਿਸ ਸਟੇਸ਼ਨ ਵਿੱਚ ਜਾਂ ਇਸਦੇ ਨੇੜੇ ਕਿਉਂ ਹੋ।

ਤੁਹਾਨੂੰ ਪੁਲਿਸ ਨੂੰ ਇਹ ਪੁੱਛਣ ਦਾ ਅਧਿਕਾਰ ਹੈ ਕਿ:

  • ਉਹ ਤੁਹਾਡੇ ਤੋਂ ਸਵਾਲ ਕਿਉਂ ਕਰ ਰਹੇ ਹਨ
  • ਆਪਣੇ ਲਈ ਉਹਨਾਂ ਦਾ ਨਾਮ, ਅਹੁਦਾ ਅਤੇ ਸਟੇਸ਼ਨ ਦਾ ਨਾਮ ਲਿਖਕੇ ਦੇਣ ਲਈ

ਜੇਕਰ ਤੁਹਾਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਅਤੇ ਪੁਲਿਸ ਤੁਹਾਡਾ ਇੰਟਰਵਿਊ ਲੈਣਾ ਚਾਹੁੰਦੀ ਹੈ, ਤਾਂ ਤੁਹਾਨੂੰ ਆਪਣੇ ਵਕੀਲ ਨੂੰ ਬੁਲਾਉਣ/ ਫ਼ੋਨ ਕਰਨ ਦਾ ਅਧਿਕਾਰ ਹੈ। ਤੁਹਾਨੂੰ ਕਿਸੇ ਭਰੋਸੇਮੰਦ ਵਿਅਕਤੀ ਨੂੰ ਇਹ ਦੱਸਣ ਲਈ ਫ਼ੋਨ ਕਰਨ ਦਾ ਵੀ ਅਧਿਕਾਰ ਹੈ ਕਿ ਤੁਸੀਂ ਕਿੱਥੇ ਹੋ।

ਤੁਹਾਡੇ ਕੋਲ ਪੁਲਿਸ ਬਾਰੇ ਸ਼ਿਕਾਇਤ ਕਰਨ ਦਾ ਅਧਿਕਾਰ ਹੈ ਜੇਕਰ ਉਹ ਤੁਹਾਡੇ ਨਾਲ ਗਲਤ ਵਿਵਹਾਰ ਕਰਦੇ ਹਨ। ਇਸ ਬਾਰੇ ਪਹਿਲਾਂ ਕਿਸੇ ਵਕੀਲ ਤੋਂ ਸਲਾਹ ਲਓ।

ਵਕੀਲ ਨਾਲ ਕਦੋਂ ਗੱਲ ਕਰਨੀ ਹੈ

ਵਕੀਲ ਨਾਲ ਗੱਲ ਕਰਨਾ ਮਹੱਤਵਪੂਰਨ ਹੈ ਜੇਕਰ:

  • ਤੁਹਾਨੂੰ ਜਨਤਕ ਤੌਰ 'ਤੇ ਸ਼ਰਾਬ ਤੋਂ ਪ੍ਰਭਾਵਿਤ ਹੋਣ ਦੌਰਾਨ ਜੁਰਮਾਨਾ ਲਗਾਇਆ ਗਿਆ ਜਾਂ ਗ੍ਰਿਫ਼ਤਾਰ ਕੀਤਾ ਗਿਆ ਹੈ
  • ਤੁਸੀਂ ਪੁਲਿਸ ਨਾਲ ਵਾਪਰੀ ਘਟਨਾ ਤੋਂ ਨਾਖੁਸ਼ ਹੋ
  • ਤੁਹਾਨੂੰ 7 ਨਵੰਬਰ 2023 ਨੂੰ ਕਾਨੂੰਨ ਬਦਲਣ ਤੋਂ ਪਹਿਲਾਂ ਜਨਤਕ ਤੌਰ 'ਤੇ ਸ਼ਰਾਬ ਤੋਂ ਪ੍ਰਭਾਵਿਤ ਹੋਣ ਕਾਰਨ ਜੁਰਮਾਨਾ ਲਗਾਇਆ ਗਿਆ ਸੀ ਜਾਂ ਤੁਹਾਡੇ 'ਤੇ ਦੋਸ਼ ਲਗਾਇਆ ਗਿਆ ਸੀ। ਤੁਹਾਨੂੰ ਜੁਰਮਾਨਾ ਦੇਣਾ ਪੈ ਸਕਦਾ ਹੈ ਜਾਂ ਅਦਾਲਤ ਵਿੱਚ ਜਾਣਾ ਪੈ ਸਕਦਾ ਹੈ।

ਤੁਸੀਂ ਵਿਕਟੋਰੀਆ ਲੀਗਲ ਏਡ (Victoria Legal Aid) ਤੋਂ ਮੁਫ਼ਤ ਜਾਣਕਾਰੀ ਅਤੇ ਸਲਾਹ ਲੈ ਸਕਦੇ ਹੋ। ਅਸੀਂ ਤੁਹਾਡੇ ਨਾਲ ਤੁਹਾਡੀ ਭਾਸ਼ਾ ਵਿੱਚ ਗੱਲ ਕਰ ਸਕਦੇ ਹਾਂ। ਆਪਣੀ ਭਾਸ਼ਾ ਵਿੱਚ ਸਹਾਇਤਾ (Help in your language) 'ਤੇ ਜਾਓ।

More information and resources

Public intoxication and police factsheet - English
Word 230.96 KB
(opens in a new window)

Updated